








ਬਿਊਰੋ : ਵਿਦਿਆਰਥੀਆਂ ਨੂੰ ਸਕੂਲ ਪੱਧਰ ‘ਤੇ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਜਲੰਧਰ ਸ਼ਹਿਰ ਦੇ ਪ੍ਰਸਿੱਧ ਲਾ ਬਲੌਸਮ ਸਕੂਲ ਦਾ ਡਾ.ਮਨਜੀਤ ਸਿੰਘ ਡਿਪਟੀ ਸਕੱਤਰ (ਅਕਾਦਮਿਕ), ਸੀ.ਬੀ.ਐਸ.ਈ. (ਨਵੀਂ ਦਿੱਲੀ) ਨੇ ਵਿਸ਼ੇਸ਼ ਦੌਰਾ ਕੀਤਾ।
ਸਕੂਲ ਦੇ ਚੇਅਰਮੈਨ ਸੰਜੀਵ ਮੜੀਆ, ਡਾਇਰੈਕਟਰ ਰੂਹਾਨੀ ਕੋਹਲੀ ਅਤੇ ਪ੍ਰਿੰਸੀਪਲ ਨਿਧੀ ਚੋਪੜਾ ਨੇ ਡਾ. ਮਨਜੀਤ ਸਿੰਘ ਜੀ ਦਾ ਇਸ ਅਚਨਚੇਤ ਦੌਰੇ ‘ਤੇ ਨਿੱਘਾ ਸਵਾਗਤ ਕੀਤਾ।
ਲੰਬੇ ਸਮੇਂ ਤੱਕ ਚੱਲੀ ਇਸ ਵਿਸ਼ੇਸ਼ ਗੱਲਬਾਤ ਵਿੱਚ ਮੌਜੂਦਾ ਸਿੱਖਿਆ ਪ੍ਰਣਾਲੀ ‘ਤੇ ਕੋਰੋਨਾ ਮਹਾਂਮਾਰੀ ਦੇ ਪ੍ਰਭਾਵਾਂ, ਨਵੀਂ ਸਿੱਖਿਆ ਪ੍ਰਣਾਲੀ ਦੇ ਸਕਾਰਾਤਮਕ ਨਤੀਜਿਆਂ ਅਤੇ ਸਕੂਲ ਸਿੱਖਿਆ ਖੇਤਰ ਦੇ ਮੌਜੂਦਾ ਹਾਲਾਤਾਂ ‘ਤੇ ਚਰਚਾ ਕੀਤੀ ਗਈ।
ਜ਼ਿਕਰਯੋਗ ਹੈ ਕਿ ਸੀ.ਬੀ.ਐਸ.ਈ.(ਨਵੀਂ ਦਿੱਲੀ) ਨਾਲ ਸਬੰਧਤ ਦੁਨੀਆ ਦੇ ਲਗਭਗ 27 ਦੇਸ਼ਾਂ ਵਿੱਚ 26000 ਤੋਂ ਵੱਧ ਸਕੂਲ ਹਨ, ਅਤੇ ਇੰਨੀ ਵੱਡੀ ਸੰਸਥਾ ਵਿੱਚ ਬਹੁਤ ਹੀ ਛੋਟੀ ਉਮਰ ਵਿੱਚ ਡਿਪਟੀ ਸਕੱਤਰ (ਅਕਾਦਮਿਕ) ਵਜੋਂ ਸੇਵਾਵਾਂ ਨਿਭਾ ਰਹੇ ਡਾ.ਮਨਜੀਤ ਸਿੰਘ, ਇਸ ਤੋਂ ਪਹਿਲਾਂ ਸੀਬੀਐਸਈ(ਖੇਡਾਂ) ਦੇ ਬਤੌਰ ਡਿਪਟੀ ਡਾਇਰੈਕਟਰ ਹੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਜਲੰਧਰ ਸ਼ਹਿਰ ਵਿੱਚ ਇਹ ਉਨ੍ਹਾਂ ਦੀ ਪਹਿਲੀ ਆਮਦ ਸੀ।ਇੱਕ ਨਿੱਜੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਮਨਜੀਤ ਸਿੰਘ ਨੇ ਆਪਣੇ ਰੁਝੇਵਿਆਂ ਵਿੱਚੋਂ ਵਿਸ਼ੇਸ਼ ਸਮਾਂ ਕੱਢ ਕੇ ਲਾ ਬਲੌਸਮਜ਼ ਸਕੂਲ ਦੇ ਵਿਹੜੇ ਵਿੱਚ ਆਪਣੀ ਹਾਜ਼ਰੀ ਲਗਵਾਈ।
ਇਸ ਮੌਕੇ ਡਾ. ਮਨਜੀਤ ਸਿੰਘ ਨੇ ਸਮੁੱਚੀ ਸਕੂਲ ਮੈਨੇਜਮੈਂਟ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ, ਸੁਚੱਜੀ ਵਿਉਂਤਬੰਦੀ ਅਤੇ ਮਾਰਗਦਰਸ਼ਨ ਸਦਕਾ ਸਕੂਲ ਤਰੱਕੀ ਦੀਆਂ ਲੀਹਾਂ ‘ਤੇ ਅੱਗੇ ਵੱਧ ਰਿਹਾ ਹੈ, ਨਾਲ ਹੀ ਸਕੂਲ ਦੇ ਉੱਤਮ ਅਧਿਆਪਕਾਂ ਦੇ ਉੱਤਮ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਕੂਲੀ ਵਿਦਿਆਰਥੀਆਂ ਦਾ ਬਹੁ ਪੱਖੀ ਵਿਕਾਸ ਸੰਭਵ ਹੋਇਆ ਹੈ, ਨਾਲ ਹੀ ਖੇਡਾਂ ਦੇ ਖੇਤਰ ਵਿੱਚ ਸਕੂਲੀ ਖਿਡਾਰੀਆਂ ਦੀਆਂ ਰਾਸ਼ਟਰੀ/ਅੰਤਰਰਾਸ਼ਟਰੀ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਵੀ ਕੀਤੀ।
ਉਨ੍ਹਾਂ ਨੇ ਡਾਇਰੈਕਟਰ ਵੰਦਨਾ ਮੜੀਆ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ, ਜਿਨ੍ਹਾਂ ਦੀ ਦੂਰਅੰਦੇਸ਼ੀ, ਅਣਥੱਕ ਮਿਹਨਤ ਅਤੇ ਦ੍ਰਿੜ ਇਰਾਦੇ ਸਦਕਾ ਲਾ ਬਲੌਸਮ ਸਕੂਲ ਸ਼ਹਿਰ ਵਿੱਚ ਆਪਣੀ ਅਲੱਗ ਪਛਾਣ ਬਣਾ ਚੁੱਕਾ ਹੈ।
ਇਸ ਮੌਕੇ ਸਕੂਲ ਦੇ ਸਾਬਕਾ ਖੇਡ ਵਿਭਾਗ ਮੁਖੀ ਨਿਖਿਲ ਹੰਸ (ਡੀ.ਪੀ.ਈ.) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਾਰਗਵ ਨਗਰ, ਸਕੂਲ ਅਧਿਆਪਕਾ ਸ਼ਵੇਤਾ ਬਸੰਦਰਾਏ, ਨਵਨੀਤ ਭਗਤ, ਮਨੀ ਸੱਭਰਵਾਲ, ਸੀਮਾ ਸ਼ਰਮਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।










