

ਬਿਊਰੋ : ਰੈਕਗਨਾਈਜ਼ਡ ਐਂਡ ਐਫੀਲੀਟੇਟਡ ਸਕੂਲ ਐਸੋਸੀਏਸ਼ਨ ਰਾਸਾ ਪੰਜਾਬ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਡਾ. ਰਵਿੰਦਰ ਸਿੰਘ ਮਾਨ ਦੀ ਪ੍ਰਧਾਨਗੀ ਅਧੀਨ ਹੋਈ। ਜਿਸ ਵਿਚ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਪ੍ਰਤੀ ਅਪਣਾਈ ਨੀਤੀ ਤੇ ਵਿਚਾਰ ਕੀਤੀਆਂ ਗਈਆਂ। ਮੌਜੂਦਾ ਸਿੱਖਿਆ ਨੀਤੀਆਂ ਕਾਰਨ ਪੰਜਾਬ ਦੀ ਸਿੱਖਿਆ ਤੇ ਪੈ ਰਹੇ ਬੁਰੇ ਅਸਰ ਦੀ ਚਿੰਤਾ ਕੀਤੀ। ਰਾਸਾ ਪ੍ਰਧਾਨ ਡਾ. ਰਵਿੰਦਰ ਸਿੰਘ ਮਾਨ ਨੇ ਕਿਹਾ ਕਿ ਕੋਰੋਨਾ ਦੀ ਆੜ ਹੇਠ ਸਿੱਖਿਆ ਮਹਿਕਮੇ ਵੱਲੋਂ ਬੋਰਡ ਕਲਾਸਾਂ ਦੀ ਪ੍ਰੀਖਿਆ ਆਨਲਾਈਨ ਸੀ। ਸਕੂਲਾਂ ਵਿਚੋਂ ਸੀ.ਸੀ.ਈ ਅੰਕਾਂ ਤੇ ਅਧਾਰਿਤ ਗਰੇਡ ਦੇ ਨਤੀਜੇ ਐਲਾਨ ਕਰ ਦਿਤੇ ਸੀ। ਉਸੇ ਤਰਜ ਤੇ ਇਸ ਵਾਰ ਵੀ ਸਕੂਲ ਬੰਦ ਕਰਕੇ ਸਿੱਖਿਆ ਵਿਭਾਗ ਵੱਲੋਂ ਬਣ ਰਹੀਆਂ ਨੀਤੀਆਂ ਪੰਜਾਬ ਦੇ ਸਿੱਖਿਆ ਮਿਆਰ ਨੂੰ ਨੀਵਾਂ ਕਰ ਰਹੀਆਂ ਹਨ। ਰਾਸਾ ਵੱਲੋਂ ਫੈਸਲਾ ਲਿਆ ਗਿਆ ਕਿ 25 ਮਾਰਚ ਨੂੰ ਆਪਣੇ-ਆਪਣੇ ਸਕੂਲਾਂ ਵਿੱਚ ਮਾਪਿਆਂ ਅਤੇ ਅਧਿਆਪਕਾਂ ਤੇ ਸੇਵਾਦਾਰਾਂ ਨਾਲ ਰੋਸ ਪ੍ਰਗਟ ਕਰਨਗੇ। ਇਸ ਤੋਂ ਬਾਅਦ 30 ਮਾਰਚ ਨੂੰ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਜਾਣਗੇ। ਜੇਕਰ ਸਰਕਾਰ ਨੇ 1 ਅਪ੍ਰੈਲ ਤੋਂ ਸਕੂਲ ਨਾ ਖੋਲ੍ਹੇ ਤਾਂ ਰਾਸਾ ਰੋਸ ਵਜੋਂ ਪੰਜਾਬ ਪੱਧਰ ਤੇ ਕੋਈ ਤਿੱਖਾ ਸੰਘਰਸ਼ ਕਰੇਗੀ। ਇਸ ਮੌਕੇ ਤੇ ਰਾਸਾ ਪ੍ਰਧਾਨ ਡਾ. ਰਵਿੰਦਰ ਸਿੰਘ ਮਾਨ ਤੋਂ ਇਲਾਵਾ ਸੁਖਵਿੰਦਰ ਸਿੰਘ, ਸੁਰਜੀਤ ਕੁਮਾਰ ਸ਼ਰਮਾ, ਜਗਜੀਤ ਸਿੰਘ, ਹਰਜੀਤ ਸੰਧੂ, ਚਰਨਜੀਤ ਪਾਰੋਵਾਲ, ਸੁਖਵਿੰਦਰ, ਜਗਪਾਲ ਮਹਾਜਨ, ਬਲਕਾਰ, ਸ਼ਿਵ ਕੁਮਾਰ ਗੌਤਮ, ਸਵਰਾਜ ਕੁਮਾਰ, ਪਰਤਾਪ ਸਿੰਘ ਸੰਧੂ, ਮਨਦੀਪ, ਹਰਸ਼ਦੀਪ ਸਿੰਘ, ਅਰਸ਼ਪ੍ਰੀਤ ਆਦਿ ਸਟੇਟ ਮੈਂਬਰ ਮੌਜੂਦ ਸਨ।







