Home Education ਕੇ.ਐਮ.ਵੀ. ਵਿਖੇ ਪੰਜਾਬ ਪੁਲਿਸ ਮਹਿਲਾ ਮਿੱਤਰ ਨੂੰ ਸਮਰਪਿਤ ਪਹਿਲੀ ਸਾਲਾਨਾ ਕਾਨਫ਼ਰੰਸ ਸਾਂਝ...

ਕੇ.ਐਮ.ਵੀ. ਵਿਖੇ ਪੰਜਾਬ ਪੁਲਿਸ ਮਹਿਲਾ ਮਿੱਤਰ ਨੂੰ ਸਮਰਪਿਤ ਪਹਿਲੀ ਸਾਲਾਨਾ ਕਾਨਫ਼ਰੰਸ ਸਾਂਝ ਸਫਲਤਾਪੂਰਵਕ ਆਯੋਜਿਤ

ਬਿਊਰੋ : ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਵਿਖੇ ਪੰਜਾਬ ਪੁਲਿਸ ਮਹਿਲਾ ਮਿੱਤਰ ਨੂੰ ਸਮਰਪਿਤ ਪਹਿਲੀ ਸਾਲਾਨਾ ਕਾਨਫ਼ਰੰਸ ਸਾਂਝ ਦਾ ਸਫਲਤਾਪੂਰਵਕ ਆਯੋਜਨ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਮੈਡਮ ਸੋਨਾਲੀ ਮਿਸ਼ਰਾ, ਆਈ.ਪੀ.ਐਸ., ਆਈ.ਜੀ.ਪੀ., ਬੀ.ਐੱਸ.ਐੱਫ. ਫਰੰਟੀਅਰ, ਜਲੰਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਮੈਡਮ ਗੁਰਪ੍ਰੀਤ ਕੌਰ ਦਿਓ, ਆਈ.ਪੀ.ਐਸ. ਸ: ਨੌਂਨਿਹਾਲ ਸਿੰਘ, ਆਈ.ਪੀ.ਐੱਸ. ਅਤੇ ਪੁਲਿਸ ਕਮਿਸ਼ਨਰ, ਜਲੰਧਰ, ਸ੍ਰੀ ਦੀਪਕ ਪਾਰੇਖ, ਆਈ.ਪੀ.ਐਸ., ਸਤਿੰਦਰ ਸਿੰਘ, ਆਈ.ਪੀ.ਐਸ., ਹਰਕਮਲਪ੍ਰੀਤ ਸਿੰਘ, ਪੀ.ਪੀ.ਐਸ. ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਮੁੱਖ ਮਹਿਮਾਨ ਦੇ ਨਾਲ-ਨਾਲ ਆਏ ਹੋਏ ਸਮੂਹ ਪਤਵੰਤਿਆਂ ਦਾ ਸਵਾਗਤ ਕਰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਪੰਜਾਬ ਪੁਲਿਸ ਦੇ ਇਸ ਵਿਸ਼ੇਸ਼ ਪ੍ਰੋਗਰਾਮ ਮਹਿਲਾ ਮਿੱਤਰ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮਾਜ ਵਿੱਚ ਔਰਤ ਵੱਲੋਂ ਨਿਭਾਈਆਂ ਜਾਂਦੀਆਂ ਵੱਖੋ-ਵੱਖਰੀਆਂ ਭੂਮਿਕਾਵਾਂ ਅਤੇ ਸਮਾਜ ਦੇ ਆਰਥਿਕ ਢਾਂਚੇ ਵਿੱਚ ਔਰਤ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇ.ਐਮ.ਵੀ. ਦੇ ਸੰਸਥਾਪਕਾਂ ਦੁਆਰਾ ਆਪਣੀ ਦੂਰਦਰਸ਼ੀ ਸੋਚ ਦੇ ਨਾਲ ਭਵਿੱਖ ਦੀਆਂ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਔਰਤਾਂ ਦੀ ਸਿੱਖਿਆ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਵੱਲ ਵੀ ਸਭ ਦਾ ਧਿਆਨ ਕੇਂਦਰਿਤ ਕੀਤਾ ਅਤੇ ਨਾਲ ਹੀ ਕੰਨਿਆ ਮਹਾਂਵਿਦਿਆਲਾ ਦੁਆਰਾ ਮਹਿਲਾਵਾਂ ਦੇ ਉਥਾਨ ਅਤੇ ਲੜਕੀਆਂ ਦੀ ਸਿੱਖਿਆ ਲਈ ਕੀਤੇ ਜਾਂਦੇ ਸਿਰਤੋੜ ਯਤਨਾਂ ਨੂੰ ਵੀ ਵਿਸਥਾਰ ਸਹਿਤ ਬਿਆਨ ਕੀਤਾ। ਮੈਡਮ ਗੁਰਪ੍ਰੀਤ ਕੌਰ ਦਿਓ, ਪੰਜਾਬ ਦੀ ਪਹਿਲੀ ਮਹਿਲਾ ਆਈ.ਪੀ.ਐਸ. ਅਫਸਰ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਪੰਜਾਬ ਪੁਲਿਸ ਦੇ ਵਿਮੈਨ ਵਿੰਗ ਦੁਆਰਾ ਨਿਭਾਏ ਜਾ ਰਹੇ ਆਪਣੇ ਕਰਤਵਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਕੁਝ ਅਜਿਹੇ ਵਿਸ਼ੇਸ਼ ਉਪਰਾਲਿਆਂ ਬਾਰੇ ਗੱਲ ਕੀਤੀ ਜਿਸ ਨਾਲ ਪੁਲਿਸ ਅਤੇ ਆਮ ਜਨਤਾ ਵਿਚਾਲੇ ਸੁਖਾਵੇਂ ਸੰਪਰਕ ਸਥਾਪਿਤ ਹੋ ਸਕਣ। ਮੁੱਖ ਮਹਿਮਾਨ ਮੈਡਮ ਸੋਨਾਲੀ ਮਿਸ਼ਰਾ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਹਿਲਾ ਮਿੱਤਰ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਹੋਇਆਂ ਸਮੂਹ ਐਵਾਰਡ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਉਨ੍ਹਾਂ ਖੁਸ਼ੀ ਜ਼ਾਹਿਰ ਕੀਤੀ ਕਿ ਮਹਿਲਾ ਪੁਲਿਸ ਦਾ ਕੰਮ ਅੱਜ ਲੋਕਾਂ ਵੱਲੋਂ ਸਲਾਹਿਆ ਜਾ ਰਿਹਾ ਹੈ। ਇਸ ਕਰਕੇ ਹੁਣ ਪੁਲਿਸ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੰਨਿਆ ਮਹਾਂਵਿਦਿਆਲਾ ਦੁਆਰਾ ਮਹਿਲਾ ਸਸ਼ਕਤੀਕਰਨ ਦੇ ਲਈ ਸਮੇਂ ਦਰ ਸਮੇਂ ਕੀਤੇ ਜਾਂਦੇ ਵੱਖ-ਵੱਖ ਕੰਮਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।ਵਰਨਣਯੋਗ ਹੈ ਕਿ ਇਸ ਮੌਕੇ ਤੇ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੂੰ ਉਨ੍ਹਾਂ ਦੁਆਰਾ ਉੱਚ ਸਿੱਖਿਆ ਦੇ ਖੇਤਰ ਵਿੱਚ ਪਾਏ ਜਾ ਰਹੇ ਆਪਣੇ ਮਹੱਤਵਪੂਰਨ ਯੋਗਦਾਨ ਦੇ ਲਈ ਵੀ ਸਨਮਾਨਿਤ ਕੀਤਾ ਗਿਆ । ਇਸ ਉਪਰੰਤ ਪੰਜਾਬ ਮਹਿਲਾ ਪੁਲਿਸ ਦੀਆਂ ਪ੍ਰਾਪਤੀਆਂ ਨੂੰ ਪੇਸ਼ ਕਰਦੀ ਹੋਈ ‘ਪਿੰਕ ਪਾਵਰ’ ਡਾਕੂਮੈਂਟਰੀ ਵੀ ਪੇਸ਼ ਕੀਤੀ ਗਈ। ਆਏ ਹੋਏ ਸਮੂਹ ਮਹਿਮਾਨਾਂ ਪ੍ਰਤੀ ਧੰਨਵਾਦ ਵਿਅਕਤ ਕਰਦੇ ਹੋਏ ਮੈਡਮ ਪ੍ਰਿੰਸੀਪਲ ਨੇ ਕਿਹਾ ਕਿ ਕੰਨਿਆ ਮਹਾਂਵਿਦਿਆਲਾ ਸਮਾਜ ਵਿੱਚ ਪੰਜਾਬ ਪੁਲਿਸ ਦੇ ਮਹਿਲਾ ਮਿੱਤਰ ਪ੍ਰੋਜੈਕਟ ਪ੍ਰਤੀ ਜਾਣਕਾਰੀ ਅਤੇ ਜਾਗਰੂਕਤਾ ਫੈਲਾਉਣ ਦੇ ਲਈ ਮੋਹਰੀ ਤੌਰ ਤੇ ਤਿਆਰ ਰਹੇਗਾ।