
ਬਿਊਰੋ : ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਹਿੰਦੀ ਵੱਲੋਂ ਹਿੰਦੀ ਸਾਹਿਤ ਦਾ ਦਰਸ਼ਨ ਵਿਸ਼ੇ ‘ਤੇ ਇਕ ਰੋਜ਼ਾ ਰਾਸ਼ਟਰੀ ਸੰਗੋਸ਼ਠੀ ਦਾ ਆਯੋਜਨ ਕਰਵਾਇਆ ਗਿਆ। ਪ੍ਰੋ. ਰਮਾਕਾਂਤ ਅੰਗੀਰਸ਼, ਮੁਖੀ, ਕਾਲੀਦਾਸ ਚੇਅਰ, ਪੰਜਾਬ ਯੂਨੀਵਰਸਿਟੀ, ਚੰਡੀਗਡ਼੍ਹ ਅਤੇ ਪ੍ਰੋ. ਗਿਰੀਸ਼ਵਰ ਮਿਸ਼ਰ, ਚਾਂਸਲਰ, ਮਹਾਤਮਾ ਗਾਂਧੀ ਹਿੰਦੀ ਅੰਤਰਰਾਸ਼ਟਰੀ ਵਿਸ਼ਵ ਵਿਦਿਆਲਿਆ, ਵਰਧਾ, ਮਹਾਰਾਸ਼ਟਰ ਨੇ ਸਰੋਤ ਬੁਲਾਰੇ ਵਜੋਂ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਵਾਗਤ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਦੁਆਰਾ ਕੀਤਾ ਗਿਆ। ਇਸ ਸੰਗੋਸ਼ਠੀ ਦੌਰਾਨ ਸੰਬੋਧਿਤ ਹੁੰਦੇ ਹੋਏ ਪ੍ਰੋ. ਰਮਾਂਕਾਂਤ ਅੰਗੀਰਸ ਨੇ ਸਾਹਿਤ ਅਤੇ ਦਰਸ਼ਨ ਦੇ ਸਬੰਧ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਸਾਹਿਤ ਦਾ ਮੂਲ ਅਧਾਰ ਰਚਨਾਕਾਰ ਦੀ ਉਹ ਜੀਵਨ ਦ੍ਰਿਸ਼ਟੀ ਹੈ ਜਿਸ ਨੂੰ ਰਚਨਾਕਾਰ ਇਤਿਹਾਸ, ਪਰੰਪਰਾ ਅਤੇ ਸ਼ਾਸਤਰ ਤੋਂ ਪ੍ਰਾਪਤ ਕਰਦੇ ਹੋਏ ਉਸ ਨੂੰ ਸਮਕਾਲੀਨ ਪਰਿਵੇਸ਼ ਦੀ ਪ੍ਰਸੰਗਿਕਤਾ ਵਿੱਚ ਆਪਣੀਆਂ ਰਚਨਾਵਾਂ ਵਿੱਚ ਪੇਸ਼ ਕਰਦਾ ਹੈ। ਪਰੀਵੇਸ਼, ਸਮਾਂ, ਜੀਵਨ ਅਤੇ ਸਮਾਜ ਦੇ ਹਿੱਤ ਅਤੇ ਕਲਿਆਣ ਦੇ ਲਈ ਚਿੰਤਨ, ਵਿਚਾਰਧਾਰਕ ਦ੍ਰਿਸ਼ਟੀ ਹੀ ਸਾਹਿਤ ਨੂੰ ਹਰਮਨ ਪਿਆਰਾ ਅਤੇ ਸਾਰਥਕ ਬਣਾਉਂਦੀ ਹੈ। ਸੰਗੋਸ਼ਠੀ ਦੇ ਦੂਸਰੇ ਸਰੋਤ ਬੁਲਾਰੇ ਪ੍ਰੋ. ਗਿਰੀਸ਼ਵਰ ਮਿਸ਼ਰ ਨੇ ਕਿਹਾ ਕਿ ਭੌਤਿਕਤਾਵਾਦੀ ਸੱਭਿਅਤਾ ਦੇ ਪ੍ਰਭਾਵਿਤ ਆਧੁਨਿਕ ਸਮਾਜ ਦਾ ਘੇਰਾ ਬੇਹੱਦ ਵਿਸਤ੍ਰਿਤ ਹੈ। ਆਧੁਨਿਕ ਸਾਹਿਤਕਾਰਾਂ ਅਤੇ ਆਲੋਚਕਾਂ ਦੇ ਲਈ ਇਸ ਵਿਸਥਾਰ ਅਤੇ ਵਿਭਿੰਨ ਪਹਿਲੂਆਂ ਨੂੰ ਸਮਝਦੇ ਹੋਏ ਸਮਕਾਲੀਨ ਜੀਵਨ ਦਰਸ਼ਨ ਅਤੇ ਵਿਚਾਰਕਤਾ ਨੂੰ ਰੂਪ ਦੇਣਾ ਇਕ ਬਹੁਤ ਵੱਡੀ ਚੁਣੌਤੀ ਹੈ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਯਥਾਰਥਵਾਦ, ਸੰਰਚਨਾਵਾਦ ਅਤੇ ਉੱਤਰ ਆਧੁਨਿਕਤਾ ਜਿਹੀਆਂ ਵਿਚਾਰਧਾਰਾਵਾਂ ਦੇ ਪ੍ਰਭਾਵ ਵਿੱਚ ਸਾਹਿਤ ਸਿਰਜਣ ਦੇ ਲਈ ਸਮਿਯਕ ਜੀਵਨ ਦਰਸ਼ਨ ਜੋ ਸੰਪੂਰਨ ਮਾਨਵਤਾ ਦੇ ਲਈ ਪ੍ਰਸੰਗਿਕ ਹੋਵੇ ਅਤੇ ਜੋ ਭਾਰਤੀਅਤਾ ਨੂੰ ਵੀ ਪਰਿਭਾਸ਼ਿਤ ਕਰ ਸਕੇ, ਦਾ ਨਿਰਮਾਣ ਨਿਸ਼ਚਿਤ ਹੀ ਇੱਕ ਮਿਹਨਤ ਅਤੇ ਸਮਰਪਣ ਦਾ ਕਾਰਜ ਹੈ ਅਤੇ ਇਸ ਸਬੰਧੀ ਚਰਚਾਵਾਂ ਹੋਣੀਆਂ ਵੀ ਜ਼ਰੂਰੀ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਦਿਸ਼ਾ ਵਿੱਚ ਕੰਨਿਆ ਮਹਾਂਵਿਦਿਆਲਾ ਦੁਆਰਾ ਸੰਗੋਸ਼ਠੀ ਆਯੋਜਨ ਦੇ ਮਾਧਿਅਮ ਨਾਲ ਕੀਤੇ ਗਏ ਇਸ ਯਤਨ ਦੀ ਵੀ ਸ਼ਲਾਘਾ ਕੀਤੀ। ਵਰਨਣਯੋਗ ਹੈ ਕਿ ਇਸ ਆਨਲਾਈਨ ਆਯੋਜਨ ਦੇ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਮਹਾਨ ਸਿੱਖਿਆ ਸ਼ਾਸਤਰੀਆਂ ਅਤੇ ਵਿਦਵਾਨਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਮੈਡਮ ਪ੍ਰਿੰਸੀਪਲ ਨੇ ਸਰੋਤ ਬੁਲਾਰਿਆਂ ਪ੍ਰਤੀ ਧੰਨਵਾਦ ਵਿਅਕਤ ਕਰਦੇ ਹੋਏ ਹਿੰਦੀ ਵਿਭਾਗ ਮੁਖੀ ਡਾ. ਵਿਨੋਦ ਕਾਲਰਾ ਅਤੇ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ।












