


ਮੈਡਮ ਰੁਪਿੰਦਰਜੀਤ ਚਹਿਲ ਮਾਣਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ਼ ਨੇ ਕੀਤੇ ਕਾਰਜਾਂ ਬਾਰੇ ਕਰਾਇਆ ਜਾਣੂ, ਪੜੋ
(ਪੂਜਾ ਮੇਹਰਾ) : ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਮੁਤਾਬਕ ਮੈਡਮ ਰੁਪਿੰਦਰਜੀਤ ਚਹਿਲ ਮਾਣਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ਼ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਜੀ ਦੀ ਯੋਗ ਰਹਿਨੁਮਾਈ ਹੇਠ ਅਜਾਦੀ ਦੀ 75ਵੇਂ ਸਾਲ ਨੂੰ ਸਮਰਪਿਤ “ਅਜਾਦੀ ਦਾ ਅੰਮ੍ਰਿਤ ਮਹੋਤਸਵ” ਦੇ ਬੈਨਰ ਹੇਠ ਪੈਨ ਇੰਡੀਆ ਅਵੇਅਰਨੈਸ ਅਤੇ ਆਊਟਰੀਚ ਪ੍ਰੋਗਰਾਮਾਂ ਤਹਿਤ ਅੱਜ ਜਿਲ੍ਹਾ ਪੱਧਰੀ ਲੀਗਲ ਏਡ ਕੈਂਪ ਦਾ ਆਯੋਜਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਕੀਤਾ ਗਿਆ। 
ਇਸ ਮੌਕੇ ਤੇ ਮੈਡਮ ਰੁਪਿੰਦਰਜੀਤ ਚਹਿਲ ਮਾਣਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ਼ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਜੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਸ਼੍ਰੀ ਮਨਜਿੰਦਰ ਸਿੰਘ, ਵਧੀਕ ਜਿਲ੍ਹਾ ਜੱਜ, ਡਾ. ਗਗਨਦੀਪ ਕੌਰ, ਸੀ.ਜੇ.ਐਮ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਅਤੇ ਸ਼੍ਰੀ ਅਮਿਤ ਕੁਮਾਰ ਗਰਗ, ਸੀ.ਜੇ.ਐਮ. ਹਾਜਰ ਸਨ। ਖਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਸ਼ ਜੀ.ਐਸ. ਸਮਰਾ ਵੱਲੋਂ ਕਾਲਜ ਪਹੁੰਚਣ ਤੇ ਉਨ੍ਹਾਂ ਦਾ ਗੁਲਦਸਤੇ ਦੇ ਕੇ ਸਨਮਾਨ ਕੀਤਾ ਗਿਆ। ਮੈਡਮ ਰੁਪਿੰਦਰਜੀਤ ਚਹਿਲ ਮਾਣਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ਼ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਜੀ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਲੀਗਲ ਏਡ ਕੈਂਪ ਵਿੱਚ ਜਿਲ੍ਹਾ ਜਲੰਧਰ ਦੇ ਵਿਭਾਗਾਂ ਜਿਵੇਂ ਸਮਾਜਿਕ ਸੁਰੱਖਿਆ ਦਫਤਰ, ਰੋਜਗਾਰ ਦਫਤਰ, ਰੈੱਡ ਕਰਾਸ ਦਫਤਰ, ਸਹਾਇਕ ਲੇਬਰ ਕਮਿਸ਼ਨਰ ਦਫਤਰ, ਜਿਲ੍ਹਾ ਲੀਡ ਬੈਂਕ ਦੇ ਦਫਤਰ, ਬਾਗਬਾਨੀ ਵਿਭਾਗ, ਜਿਲ੍ਹਾ ਬਾਲ ਸੁਰੱਖਿਆ ਦਫਤਰ, ਜਿਲ੍ਹਾ ਪਰਿਸ਼ਦ ਦਫਤਰ ਅਤੇ ਸਿਹਤ ਵਿਭਾਗ ਆਦਿ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣਤਾ ਪੈਨਸ਼ਨ, ਸਮਾਰਟ ਰਾਸ਼ਨ ਕਾਰਡ, ਰੋਜਗਾਰ, ਅਸੰਗਠਿਤ ਸੈਕਟਰ ਵਿੱਚ ਕੰਮ ਕਰਨ ਵਾਲੇ ਕਿਰਤੀਆਂ ਦੇ ਕਾਰਡਾਂ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਕੁੱਲ 15 ਸਟਾਲ ਲਗਾਏ ਗਏ ਸਨ ਅਤੇ ਇਨ੍ਹਾਂ ਵਿਭਾਗਾਂ ਦੀਆਂ ਸਕੀਮਾਂ ਦੇ ਲਾਭ ਪਾਤਰੀਆਂ ਨੂੰ ਮੌਕੇ ਤੇ ਹੀ ਇਨ੍ਹਾਂ ਸਕੀਮਾਂ ਦੇ ਲਾਭ ਪ੍ਰਦਾਨ ਕੀਤੇ ਗਏ। ਮੈਡਮ ਜੱਜ ਵੱਲੋਂ ਲਗਾਏ ਗਏ ਸਟਾਲਾਂ ਦਾ ਨਿਰੀਖਣ ਕੀਤਾ ਗਿਆ। 
ਉਨ੍ਹਾਂ ਆਖਿਆ ਕਿ ਅੱਜ ਦੇ ਕੈਂਪ ਵਿੱਚ 5 ਲੋੜਵੰਦ ਅੰਗਹੀਣ ਵਿਅਕਤੀਆਂ ਨੂੰ ਵੀਲ੍ਹ ਚੇਅਰ ਅਤੇ 5 ਲੋੜਵੰਦ ਔਰਤਾਂ ਨੂੰ ਮੌਕੇ ਤੇ ਹੀ ਸਿਲਾਈ ਮਸ਼ੀਨਾਂ ਮੁੱਹਈਆਂ ਕਰਵਾਈਆਂ ਗਈਆਂ ਅਤੇ ਸਰਬੱਤ ਬੀਮਾ ਯੋਜਨਾਂ ਦੀ ਸਕੀਮ ਤਹਿਤ 8 ਲਾਭਪਾਤਰੀਆਂ ਨੂੰ ਬੀਮਾ ਯੋਜਨਾ ਕਾਰਡ, ਕਰੋਨਾ ਕਾਰਨ ਅਨਾਥ ਹੋਏ 10 ਬੱਚਿਆਂ ਨੂੰ ਮੌਕੇ ਤੇ ਹੀ ਪੈਨਸ਼ਨਾਂ ਲਗਵਾਈਆਂ ਗਈਆਂ ਅਤੇ ਪੈਨਸ਼ਨਾਂ ਦੇ 15 ਫਾਰਮ ਮੌਕੇ ਤੇ ਭਰੇ ਗਏ। ਇਸ ਦੇ ਨਾਲ ਨਾਲ ਰੋਜਗਾਰ ਦਫਤਰ ਨਾਲ ਸੰਬੰਧਤ ਸਕੀਮ ਦੇ 5 ਲਾਭਪਾਤਰੀਆਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਗਏ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵੱਲੋਂ ਮੌਕੇ ਤੇ ਹੀ 20 ਵਿਅਕਤੀਆਂ ਨੂੰ ਉਨ੍ਹਾਂ ਦੇ ਅਦਾਲਤੀ ਕੇਸਾਂ ਵਿੱਚ ਵਕੀਲ ਦੀ ਸਹਾਇਤਾ ਪ੍ਰਦਾਨ ਕੀਤੀ ਗਈ। ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਕਰੋਨਾ ਟੀਕਾਕਰਨ ਕੈਂਪ ਵਿੱਚ ਲਗਭਗ 70 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ। 
ਡਾ. ਗਗਨਦੀਪ ਕੌਰ, ਸੀ.ਜੇ.ਐਮ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਨੇ ਆਖਿਆ ਕਿ ਅੱਜ ਦੇ ਕੈਂਪ ਵਿੱਚ ਮੌਕੇ ਤੇ ਹੀ ਲੋੜਵੰਦ ਵਿਅਕਤੀਆਂ ਨੂੰ ਉਨ੍ਹਾ ਦੇ ਕੇਸਾਂ ਵਿੱਚ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਗਈ। ਉਨ੍ਹਾਂ ਆਖਿਆ ਕਿ ਪੈਨ ਇੰਡੀਆਂ ਅਵੇਅਰਨੈਸ ਅਤੇ ਆਉਟਰੀਚ ਪ੍ਰੋਗਰਾਮਾਂ ਤਹਿਤ ਜਿਲ੍ਹਾ ਜਲੰਧਰ ਦੇ ਹਰੇਕ ਪਿੰਡ ਜਿਨ੍ਹਾਂ ਦੀ ਗਿਣਤੀ 890 ਹੈ ਦੇ ਨਾਲ ਨਾਲ ਸਕੂਲਾਂ ਅਤੇ ਕਾਲਜਾਂ ਵਿੱਚ ਮੁਫਤ ਕਾਨੂੰਨੀ ਸਹਾਇਤਾ ਸਕੀਮਾਂ ਦਾ ਪ੍ਰਚਾਰ ਮਿਤੀ 02.10.2021 ਤੋਂ 14.11.2021 ਤੱਕ ਪੈਨਲ ਦੇ ਵਕੀਲਾਂ, ਪੈਰਾ ਲੀਗਲ ਵਲੰਟੀਅਰਾਂ, ਸਕੂਲਾਂ/ਕਾਲਜਾਂ ਦੇ ਮੁਖੀਆਂ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਰਾਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਫਤ ਕਾਨੂੰਨਾ ਸਹਾਇਤਾ, ਲੋਕ ਅਦਾਲਤਾਂ, ਸਥਾਈ ਲੋਕ ਅਦਾਲਤ ਅਤੇ ਪੀੜਤ ਮੁਆਵਜਾ ਸਕੀਮਾਂ ਦਾ ਲਾਭ ਲੈਣ ਲਈ ਉਨ੍ਹਾਂ ਦੇ ਜਿਲ੍ਹਾ ਕਚਿਹਰੀਆਂ ਵਿੱਚ ਸਥਿੱਤ ਝਗੜਾ ਨਿਵਾਰਣ ਕੇਂਦਰ ਜਾਂ ਟੋਲ ਫ੍ਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਕਾਲਜ ਦੇ ਵਿਦਿਆਰਥੀਆਂ ਵੱਲੋ ਕਾਨੂੰਨੀ ਸਹਾਇਤਾ ਅਤੇ ਲੋਕ ਅਦਾਲਤਾਂ ਦੀ ਮਹੱਤਤਾ ਪੇਸ਼ ਕਰਦੀ ਸਕਿੱਟ ਵੀ ਵਿਸ਼ੇਸ਼ ਤੌਰ ਤੇ ਕਰਵਾਈ ਗਈ।
ਇਸ ਮੌਕੇ ਤੇ ਪੈਨਲ ਦੀ ਵਕੀਲ ਮੈਡਮ ਹਰਲੀਨ ਕੌਰ ਵੱਲੋਂ ਮੁਫਤ ਕਾਨੂੰਨਾ ਸਹਾਇਤਾ, ਲੋਕ ਅਦਾਲਤਾਂ, ਸਥਾਈ ਲੋਕ ਅਦਾਲਤ ਅਤੇ ਪੀੜਤ ਮੁਆਵਜਾ ਸਕੀਮਾਂ ਸੰਬੰਧੀ ਵਿਸਥਾਰ ਨਾਲ ਜਾਣਾਕਾਰੀ ਦਿੱਤੀ ਗਈ ਅਤੇ ਜਨਤਾਂ ਨੂੰ ਪੰਫਲੈਟਸ ਵੀ ਵੰਡੇ ਗਏ।
ਇਸ ਮੌਕੇ ਤੇ ਪੈਨਲ ਦੇ ਵਕੀਲ ਸਾਹਿਬਾਨ, ਪੈਰਾ ਲੀਗਲ ਵਲੰਟੀਅਰ, ਡਾ. ਜੀ.ਐਸ. ਸਮਰਾ (ਪ੍ਰਿੰਸੀਪਲ, ਲਾਇਲਪੁਰ ਖਾਲਸਾ ਕਾਲਜ, ਜਲੰਧਰ), ਡਾ. ਗਗਨਦੀਪ ਕੌਰ (ਕਨਵੀਨਰ ਗ੍ਰੀਵੈਂਸੀਸ ਰਿਡਰੈਸਲ ਸੈਲ, ਜਲੰਧਰ), ਡਾ. ਸੁਰਿੰਦਰ ਮੰਡ (ਡੀਨ ਸਟੂਡੈਂਟ ਵੈਲਫੇਅਰ, ਲਾਇਲਪੁਰ ਖਾਲਸਾ ਕਾਲਜ ਜਲੰਧਰ), ਸ਼੍ਰੀ ਜਗਨ ਨਾਥ ਸੀਨੀਅਰ ਅਸਿਸਟੈਂਟ (ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ) ਵੀ ਹਾਜਰ ਸਨ। ਇਸ ਪ੍ਰੋਗਰਾਮ ਨੂੰ ਖਾਲਜਾ ਕਾਲਜ ਜਲੰਧਰ ਵਿਖੇ ਆਯੋਜਿਤ ਕਰਵਾਉਣ ਲਈ ਡਾ. ਜੀ.ਐਸ.ਸਮਰਾ (ਪ੍ਰਿੰਸੀਪਲ ਖਾਲਜ ਕਾਲਜ ਜਲੰਧਰ ) ਵੱਲੋਂ ਜੱਜ ਸਾਹਬਾਨਾਂ ਦਾ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਆਖਿਆ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਨਾਲ ਲੋੜਵੰਦ ਲੋਕ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣਗੇ।















