


ਕਰੋਨਾ ਦੌਰਾਨ ਸਕੂਲ ਬੰਦ ਰਹਿਣ ਕਾਰਨ ਸਕੂਲ ਆਰ.ਟੀ.ਆਈ. ਮਾਨਤਾ ਲੈਣ ਤੋਂ ਹੋਏ ਇਨਕਾਰੀ
ਬਿਨਾਂ ਸਰਟੀਫਿਕੇਟ ਦਾਖਲਾ ਸਰਕਾਰ ਦੀ ਪ੍ਰਾਈਵੇਟ ਸਕੂਲਾਂ ਨੂੰ ਖਤਮ ਦੀ ਨੀਤੀ ਦਾ ਹਿੱਸਾ
ਸਿੱਖਿਆ ਮੰਤਰੀ ਸਕੂਲਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਦੇਣ ਮੀਟਿੰਗ ਲਈ ਸਮਾਂ
ਬਿਊਰੋ : ਪੰਜਾਬ ਮਾਨਤਾ ਪ੍ਰਾਪਤ ਅਤੇ ਐਫਿਲਿਏਟਡ ਸਕੂਲਜ਼ ਐਸੋਸੀਏਸ਼ਨ ਪੰਜਾਬ ਰਾਸਾ ਦੀ ਸੂਬਾ ਪੱਧਰੀ ਮੀਟਿੰਗ ਅੱਜ ਅੰਮ੍ਰਿਤਸਰ ਵਿਖੇ ਹੋਈ। ਜਿਸ ਵਿਚ ਪੰਜਾਬ ਦੇ ਸਾਰਿਆਂ ਜ਼ਿਲਿਆਂ ਤੋਂ ਸੂਬਾ ਡੈਲੀਗੇਟਸ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਸਰਕਾਰ ਵਲੋਂ ਵਿਸ਼ੇਸ ਤੌਰ ਤੇ ਸ ਗੁਰਜੀਤ ਸਿੰਘ ਔਜਲਾ ਮੈਬਰ ਪਾਰਲੀਮੈਂਟ ਮੀਟਿੰਗ ਚ ਪੁਜੇ ਅਤੇ ਜਲਦੀ ਹੀ ਮੁੱਖ ਮੰਤਰੀ ਜੀ ਅਤੇ ਸਿੱਖਿਆ ਮੰਤਰੀ ਜੀ ਨਾਲ ਰਾਸਾ ਔਹਦੇਦਾਰਾ ਦੀ ਮੀਟਿੰਗ ਦਾ ਭਰੋਸਾ ਦਿੱਤਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਵਲੋਂ ਵੀ ਇਹੀ ਵਿਸ਼ਵਾਸ ਦਿਤਾ ਗਿਆ ਜਿਸ ਪਿੱਛੋਂ ਇੱਕ ਤਰਫਾ ਸਕੂਲ ਖੋਲ ਕੇ ਸਰਕਾਰ ਨਾਲ ਟਕਰਾ ਨਾ ਪੈਦਾ ਕਰਨ ਦਾ ਫੈਸਲਾ ਲਿਆ ਗਿਆ। ਇਸ ਮੌਕੇ ਸੂਬਾ ਗਵਰਨਿੰਗ ਬਾਡੀ ਦੇ ਮੈਂਬਰ ਅਤੇ ਅਹੁਦੇਦਾਰ ਡਾਕਟਰ ਰਵਿੰਦਰ ਸਿੰਘ ਮਾਨ ਪ੍ਰਧਾਨ, ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਚੇਅਰਮੈਨ, ਸੁਜੀਤ ਸ਼ਰਮਾ ਬਬਲੂ ਜਨਰਲ ਸਕੱਤਰ, ਸਰਦਾਰ ਸਕੱਤਰ ਸਿੰਘ ਸੰਧੂ ਜਨਰਲ ਸਕੱਤਰ ਵਿੱਤ, ਜਗਤਪਾਲ ਮਹਾਜਨ ਐਡੀ: ਜਨਰਲ ਸਕੱਤਰ, ਸਰਦਾਰ ਸੁਖਵਿੰਦਰ ਸਿੰਘ ਭੱਲਾ, ਡਾਕਟਰ ਰਵਿੰਦਰ ਸ਼ਰਮਾ,ਚਰਨਜੀਤ ਸਿੰਘ ਪਾਰੋਵਾਲ, ਸ: ਜਗਜੀਤ ਸਿੰਘ, ਸ: ਬਲਕਾਰ ਸਿੰਘ, ਸ: ਹਰਜੀਤ ਸਿੰਘ ਬਰਾੜ ਅਤੇ ਸ: ਸੁਖਮੰਦਰ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਦੇ 30 ਅਪ੍ਰੈਲ ਤੱਕ ਸਕੂਲ ਬੰਦ ਹੋਣ ਕਾਰਨ ਵਿਦਿਆਰਥੀਆਂ ਦੇ ਮਾਪੇ ਬਹੁਤ ਦੁਖੀ ਅਤੇ ਖ਼ਫ਼ਾ ਹਨ ਅਤੇ ਸਕੂਲਾਂ ਦੇ ਦਬਾਅ ਬਣਾ ਰਹੇ ਹਨ ਕਿ ਸਕੂਲ ਖੋਲ੍ਹੇ ਜਾਣ। ਇਸ ਲਈ ਪੰਜਾਬ ਰਾਸਾ 12 ਅਪ੍ਰੈਲ ਤੋਂ ਕਾਨੂੰਨੀ ਤਰੀਕੇ ਨਾਲ ਸਕੂਲ ਖੋਲਣ ਦੀ ਮੁਹਿੰਮ ਸ਼ੁਰੂ ਕਰ ਰਹੀ ਹੈ, ਜਿਸ ਅਧੀਨ ਸਮੁੱਚੇ ਪੰਜਾਬ ਦੇ ਮਾਪਿਆਂ ਕੋਲੋਂ ਜਿਲ੍ਹੇਵਾਰ ਹਲਫ਼ੀਆ ਬਿਆਨ ਲਏ ਜਾਣਗੇ।ਸਕੂਲ ਖੋਲਣ ਲਈ 5 ਲੱਖ ਮਾਪਿਆਂ ਕੋਲੋਂ ਸਹਿਮਤੀ ਵਾਲੇ ਨੋਟਰੀ ਤਸਦੀਕ ਹਲਫੀਆ ਬਿਆਨ ਸਕੂਲ ਪੱਧਰ ਤੇ ਇਕੱਤਰ ਕੀਤੇ ਜਾਣਗੇ ,25 ਅਪ੍ਰੈਲ ਤੱਕ ਇਹ ਹਲਫੀਆ ਬਿਆਨ ਇਕੱਤਰ ਕਰਕੇ ਉਪਰੰਤ ਜੇਕਰ ਸਰਕਾਰ ਨੇ ਸ ਗੁਰਜੀਤ ਸਿੰਘ ਔਜਲਾ ਅਤੇ ਸ ਜਸਬੀਰ ਸਿੰਘ ਡਿਪਾ ਦੀ ਅਪੀਲ ਤੇ ਵੀ ਰਾਸਾ ਨਾਲ ਕੋਈ ਮੀਟਿੰਗ ਨਾ ਕੀਤੀ ਤਾਂ ਸਕੂਲ ਖੋਲ੍ਹ ਦਿੱਤੇ ਜਾਣਗੇ। ਉਨ੍ਹਾਂ ਸਾਂਝੇ ਬਿਆਨ ਵਿਚ ਕਿਹਾ ਕਿ ਸਰਕਾਰ ਪ੍ਰਾਈਵੇਟ ਸਕੂਲਾਂ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ । ਬੰਦ ਸਕੂਲਾਂ ਨੂੰ ਆਰ.ਟੀ.ਆਈ.ਮਾਨਤਾ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ ,ਪਰ ਪੰਜਾਬ ਦੇ ਸਮੂਹ ਸਕੂਲ ਇਹ ਆਦੇਸ਼ ਮੰਨਣ ਨੂੰ ਤਿਆਰ ਨਹੀਂ ਹਨ। ਉਨ੍ਹਾਂ ਬਿਨਾਂ ਸਰਟੀਫਿਕੇਟ ਵਿਦਿਆਰਥੀ ਨੂੰ ਦਾਖਲਾ ਦੇਣ ਦੀ ਨੀਤੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਨੀਤੀ ਨਾਲ ਜਿੱਥੇ ਸਕੂਲ ਖਤਮ ਹੋਣ ਦੀ ਕਗਾਰ ਤੇ ਚਲੇ ਜਾਣਗੇ ,ਉੱਥੇ ਸਕੂਲ ਮਾਲਕ ਵੀ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਜਾਣਗੇ। ਓਨਾ ਕਿਹਾ ਕਿ ਜੇ ਸਰਕਾਰ ਔਜਲਾ ਜੀ ਤੇ ਡਿਪਾ ਜੀ ਦੀ ਅਪੀਲ ਤੇ ਇਹ ਫੈਸਲਾ ਨਹੀਂ ਬਦਲਿਆ ਜਾਂਦਾ ਤਾਂ ਜਲਦੀ ਇਸ ਲਈ ਹਾਈ ਕੋਰਟ ਕੇਸ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵਾਂਗ ਇਸ ਵਾਰ ਕਿਸੇ ਹਾਲਤ ਵਿੱਚ ਬਿਨ੍ਹਾਂ ਪੇਪਰਾਂ ਤੋਂ ਬੱਚਿਆਂ ਨੂੰ ਪਾਸ ਨਾ ਕੀਤਾ ਜਾਵੇ,ਕਿਉਂਕਿ ਇਹ ਨੀਤੀ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰ ਦੇਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਸਾਲ ਵਿਚ ਇਕ ਵਾਰ ਵੀ ਸਿੱਖਿਆ ਮੰਤਰੀ ਨੇ ਰਾਸਾ ਨਾਲ ਮੀਟਿੰਗ ਲਈ ਸਮਾਂ ਨਹੀਂ ਦਿੱਤਾ। ਜਿਸ ਦਾ ਸਿੱਟਾ ਹੈ ਕਿ ਪ੍ਰਾਈਵੇਟ ਸਕੂਲ ਅਤੇ ਸਰਕਾਰ ਆਹਮੋ ਸਾਹਮਣੇ ਖੜ੍ਹੇ ਹਨ। ਉਨ੍ਹਾਂ ਸਿੱਖਿਆ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਜਲਦ ਹੀ ਰਾਸਾ ਨੂੰ ਮੀਟਿੰਗ ਲਈ ਸਮਾਂ ਦਿੱਤਾ ਜਾਵੇ ਤਾਂ ਕਿ ਸਕੂਲਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਸੁਖਾਵਾਂ ਹੱਲ ਕੱਢਿਆ ਜਾ ਸਕੇ। ਇਸ ਮੌਕੇ ਕਮਲਜੋਤ ਸਿੰਘ ਕੋਹਲੀ ਅੰਮ੍ਰਿਤਸਰ, ਸੁਮੀਤ ਕਾਲੜਾ, ਸ਼ਾਮ ਲਾਲ ਅਰੋੜਾ ਅਬੋਹਰ, ਨਵਦੀਪ ਸਿੰਘ ਵਿਰਕ ਹੁਸ਼ਿਆਰਪੁਰ, ਰਣਜੀਤ ਸਿੰਘ ਸੈਣੀ, ਸਚਿਨ ਕੋਸ਼ਲ ਲੁਧਿਆਣਾ, ਸੁਖਜਿੰਦਰ ਸਿੰਘ ਗਿੱਲ ਤਰਨਤਾਰਨ , ਸ:ਕੁਲਦੀਪ ਸਿੰਘ ਮੁਕਤਸਰ, ਪ੍ਰਿੰਸੀਪਲ ਗੁਰਸੇਵਕ ਸਿੰਘ ਬਠਿੰਡਾ, ਸਵਰਾਜ ਕੁਮਾਰ ਜਲੰਧਰ, ਪ੍ਰਿੰਸੀਪਲ ਸੁਖਵਿੰਦਰ ਸਿੰਘ ਮੋਗਾ, ਸ: ਕੇਸਰ ਸਿੰਘ ਫਿਰੋਜ਼ਪੁਰ, ਅਸ਼ਵਨੀ ਕੁਮਾਰ ਪਠਾਨਕੋਟ, ਸੁਖਰਾਜ ਸਿੰਘ ਕੈਂਡੀ ਨਵਾਂ ਸ਼ਹਿਰ, ਸ: ਜਸਪਾਲ ਸਿੰਘ ਫਰੀਦਕੋਟ, ਸੰਗਰੂਰ ਤੋਂ ਅਮਨਦੀਪ ਸਿੰਘ, ਭੁਪਿੰਦਰ ਸਿੰਘ, ਰਜਿੰਦਰ ਕੁਮਾਰ, ਯੋਗੇਸ਼ ਮੌਂਗਾ ਫਾਜ਼ਿਲਕਾ ਹਾਜ਼ਿਰ ਸਨ।







