


ਬਿਊਰੋ : ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਦੀਆਂ ਹਦਾਇਤਾਂ ਅਨੁਸਾਰ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਸਰਪ੍ਰਸਤੀ ਹੇਠ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਨਵੀਂ ਸਿੱਖਿਆ ਨੀਤੀ -2020 ਨੂੰ ਲਾਗੂ ਕਰਨ ਸਬੰਧੀ ਇੱਕ ਵੈਬੀਨਾਰ ਅਯੋਜਿਤ ਕੀਤਾ ਗਿਆ। ਪ੍ਰੋ. ਕਸ਼ਮੀਰ ਕੁਮਾਰ (ਨੋਡਲ ਅਫ਼ਸਰ) ਦੀ ਯੋਗ ਅਗਵਾਈ ਵਿੱਚ ਇਸ ਦੀ ਅੰਭਤਾ ਕਰਵਾਈ ਗਈ। ਮੈਡਮ ਡਾ. ਸ਼ੀਨੂੰ ਨਈਅਰ ਨੇ ਮੁੱਖ ਬੁਲਾਰੇ ਵਜੋਂ ਇਸ ਨਵੀਂ ਸਿੱਖਿਆ ਨੀਤੀ -2020 ਤੇ ਵੇਰਵੇ ਸਹਿਤ ਚਾਨਣਾ ਪਾਇਆ। ਇੰਜ. ਅਰਵਿੰਦ ਦੱਤਾ ਨੇ ਕੋਆਰਡੀਨੇਟਰ ਦੀ ਭੁਮਿਕਾ ਨਿਭਾਈ। ਇਸ ਵਿੱਚ 340 ਵਿੱਦਿਆਰਥੀਆਂ ਅਤੇ 48 ਸਟਾਫ਼ ਮੈਬਰਾਂ ਨੇ ਹਿੱਸਾ ਲਿਆ ਅਤੇ ਬਹੁਤ ਸਾਰੇ ਹੋਰ ਲੋਕ ਪ੍ਰਭਾਵਿਤ ਹੋਏ। ਨੋਡਲ ਅਫ਼ਸਰ ਅਨੁਸਾਰ ਇਸ ਨਵੀਂ ਸਿੱਖਿਆ ਨੀਤੀ -2020 ਦਾ ਮੁੱਖ ਮੰਤਵ ਸਿੱਖਿਆ ਨੂੰ ਸੰਸਾਰ ਦੀ ਸੋਚ ਦੇ ਤੁਕਸੰਗਤ ਕਰਨਾ ਅਤੇ ਨੋਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਨਾਉਣਾ ਹੈ ਤਾਂਕਿ ਸਾਡਾ ਦੇਸ਼ ਬੁਲੰਦੀਆਂ ਛੂਹ ਸਕੇ। ਇਸ ਵੈਬੀਨਾਰ ਵਿਚ ਆਨਲਾਇਨ ਭਾਗੀਦਾਰਾਂ ਨੇ ਸੁਆਲਾਂ ਰਾਹੀਂ ਆਪਣੇ ਸ਼ੰਕੇ ਦੂਰ ਕੀਤੇ। ਇਸ ਸਕੀਮ ਵਿੱਚ ਵਿੱਦਿਆ ਨੂੰ ਸੋਖੀ ਅਤੇ ਸੁਚੱਜੀ ਕੀਤਾ ਗਿਆ ਹੈ ਤਾਂਕਿ ਸਾਰੇ ਇਸ ਨੂੰ ਪ੍ਰਾਪਤ ਕਰਕੇ ਰੋਜਗਾਰ ਦੇ ਕਾਬਿਲ ਬਣ ਸਕਣ ਅਤੇ ਆਪਣੇ ਜੀਵਨ ਨੂੰ ਸੁਚੱਜੇ ਢੰਗ ਨਾਲ ਜੀ ਸਕਣ। ਇਸ ਨਵੀ ਸਕੀਮ ਵਿਚ ਬੱਚਿਆਂ ਦਾ ਦਿਮਾਗੀ ਬੋਝ ਘਟਾ ਕੇ ਖੇਡਾਂ ਅਤੇ ਹੋਰ ਸਭਿਆਚਾਰਕ ਗਤੀ ਵਿਧੀਆਂ ਨਾਲ ਜੋੜਿਆ ਗਿਆ ਹੈ। ਪਿੰਡਾਂ ਦੇ ਲੋਕਾਂ ਨੂੰ ਇਸ ਨਵੀਂ ਸਿੱਖਿਆ ਨੀਤੀ ਪ੍ਰਤੀ ਜਾਗਰੂਕ ਕਰਨ ਲਈ ਕਾਲਜ ਨੇ ਆਪਣੇ ਪ੍ਰਸਾਰ ਕੇਂਦਰਾਂ ਤੇ ਅੱਲਗ- ਅੱਲਗ ਪਿੰਡਾਂ ਨੂੰ ਵੀ ਵੈਬੀਨਾਰ ਨਾਲ ਜੋੜਿਆ। ਇਸ ਨੂੰ ਨੇਪਰੇ ਚੜਾਉਣ ਲਈ ਮੈਡਮ ਨੇਹਾ ਅਤੇ ਅਖਿਲ ਭਾਟੀਆ ਦਾ ਖਾਸ ਯੋਗਦਾਨ ਰਿਹਾ। ਅੰਤ ਵਿੱਚ ਨੋਡਲ ਅਫ਼ਸਰ ਨੇ ਸਾਰੇ ਭਾਗੀਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਨੂੰ ਅਜੋਕੇ ਸਮੇਂ ਦੀ ਲੋੜ ਦੱਸਦਿਆਂ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ।







