Home Education ਕੋਵਿਡ ਲਾਕਡਾਊਨ ਦੌਰਾਨ ਮੇਹਰ ਚੰਦ ਪੋਲੀਟੈਕਨਿਕ ਦੀਆਂ ਪ੍ਰਾਪਤੀਆਂ

ਕੋਵਿਡ ਲਾਕਡਾਊਨ ਦੌਰਾਨ ਮੇਹਰ ਚੰਦ ਪੋਲੀਟੈਕਨਿਕ ਦੀਆਂ ਪ੍ਰਾਪਤੀਆਂ

ਬਿਊਰੋ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਕੋਵਿਡ ਲਾਕਡਾਊਨ ਦੌਰਾਨ ਅਨੇਕਾ ਸ਼ਲਾਘਾ ਯੋਗ ਕੰਮ ਕੀਤੇ ਹਨ, ਜਿਨ੍ਹਾਂ ਦੀ ਪ੍ਰਸ਼ੰਸਾ ਕੇਂਦਰ ਅਤੇ ਸਟੇਟ ਅਦਾਰਿਆਂ ਵਲੋਂ ਕੀਤੀ ਗਈ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਬੇਹਤਰੀਨ ਵਿਕਸਿਤ ਪ੍ਰਣਾਲੀ ਨਾਲ ਸਫ਼ਲਤਾ ਪੂਰਵਕ ਆਨਲਾਈਨ ਤਕਨੀਕੀ ਸਿੱਖਿਆ ਮੁਹਈਆ ਕਰਵਾਉਣ ਦੇ ਨਾਲ ਨਾਲ ਕਾਲਜ ਦੇ ਸਟਾਫ ਵਲੋਂ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਕਈ ਅਭਿਆਨ ਚਲਾਏ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਵੀ ਵੱਧ ਚੜ੍ਹ ਕੇ ਸ਼ਿਰਕਤ ਕੀਤੀ। ਉਹਨਾਂ ਦੱਸਿਆ ਕਿ ਕਾਲਜ ਦੇ ਕਟਿੰਗ ਅਤੇ ਟੇਲਰਿੰਗ ਵਿਸ਼ੇ ਨਾਲ ਜੁੜੇ ਹੋਏ ਵਿਦਿਆਰਥੀਆਂ ਨੇ 12,000 ਮਾਸਕ ਬਣਾ ਕੇ ਲੋਕਾਂ ਵਿੱਚ ਮੁਫ਼ਤ ਵੰਡੇ। ਉਹਨਾਂ ਇਸ ਦੇ ਨਾਲ ਹੀ 600 ਸੈਨੀਟਾਈਜ਼ਰ ਬੋਤਲਾ ਵੀ ਖਰੀਦ ਕੇ ਵੰਡੀਆਂ ਤੇ ਲੋਕਾਂ ਨੂੰ ਕੋਵਿਡ ਮਹਾਂਮਾਰੀ ਤੋਂ ਬਚਣ ਸਬੰਧੀ ਜਾਗਰੂਕ ਕੀਤਾ। ਕਾਲਜ ਦੇ ਸਟਾਫ਼ ਵਲੋਂ ਲੋੜਵੰਦ ਅਤੇ ਗਰੀਬ ਵਿਅਕਤੀਆਂ ਨੂੰ ਰਾਸ਼ਨ ਦੀਆਂ ਕਿਟਾਂ ਵੀ ਵੰਡੀਆਂ ਗਈਆਂ। ਮਾਨਵ ਸੰਸਾਧਨ ਮੰਤਰਾਲੇ ਦੀ ਉੱਨੜ ਭਾਰਤ ਅਭਿਆਨ ਸਕੀਮ ਅਧੀਨ ਮੇਹਰ ਚੰਦ ਪੋਲੀਟੈਕਨਿਕ ਵਲੋਂ ਪੰਜ ਪਿੰਡਾਂ ਨੂੰ ਗੋਦ ਲਿਆ ਗਿਆ ਹੈ, ਜਿਨ੍ਹਾਂ ਵਿੱਚ ਮਾਂਗੇਵਾਲ, ਸੰਗੋਵਾਲ, ਚਕੋਕੀ, ਸੰਗਰਾਏ ਅਤੇ ਘਲੂਵਾਲ ਸ਼ਾਮਿਲ ਹਨ।ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਇਹਨਾਂ ਪਿੰਡਾਂ ਵਿੱਚ ਵਿਕਾਸ ਕਰਨ ਲਈ ਅਤੇ ਇਥੋਂ ਦੇ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁਕਿਆ ਹੈ। ਇਸ ਵਿੱਚ ਸੀ.ਡੀ.ਟੀ.ਪੀ ਵਿੰਗ ਵਿਸ਼ੇਸ਼ ਰੋਲ ਅਦਾ ਕਰ ਰਹੀ ਹੈ। ਪਲਾਸਟਿਕ ਦੀ ਵਰਤੋਂ ਨੂੰ ਰੋਕਣਾ, ਪਾਣੀ ਨੂੰ ਬਚਾਉਣਾ, ਨਵੀਂ ਸਿੱਖਿਆ ਨੀਤੀ, ਡਿਜੀਟਲ ਇਨਾਮੀ ਅਤੇ ਕੋਵਿਡ ਵੈਕਸਿਨ ਦੀ ਮੱਹਤਤਾ ਵਿਸ਼ੇ ਦੇ ਕਾਲਜ ਵਲੋਂ ਕਈ ਸੈਮੀਨਾਰ ਕਰਵਾਏ ਗਏ ਅਤੇ ਲੋਕਾਂ ਨੂੰ ਜਾਗਰੂਕ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮਾਨਵ ਸੰਸਾਧਨ ਮੰਤਰਾਲੇ ਵਲੋਂ ਕਾਲਜ ਨੂੰ ਇਹਨਾਂ ਗਤੀਵਿਧੀਆਂ ਲਈ ਵਿਸ਼ੇਸ਼ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਸਰਕਾਰ ਵਲੋਂ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਮਿਸ਼ਨ ਫਤਿਹ ਵਰੀਅਰ ਵਜੋਂ ਕੋਵਿਡ ਮਹਾਂਮਾਰੀ ਦੌਰਾਨ ਉਹਨਾਂ ਦੀਆਂ ਸੇਵਾਵਾਂ ਬਦਲੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਬਰਾਂਚ ਪ੍ਰਿੰਸ਼ਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਕਾਲਜ ਦੇ ਦੋ ਵਿਦਿਆਰਥੀਆਂ ਮਿਸਟਰ ਯੁਵਰਾਜ ਸਿੰਘ ਤੇ ਮਿਸ ਰੈਸ਼ੀ ਨੂੰ ਇਲੈਕਸ਼ਨ ਕਮਿਸ਼ਨ ਆਫ਼ ਪੰਜਾਬ ਵਲੋਂ ਸਫ਼ਲਤਾ ਪੂਰਵਕ ਇਲੈਕਸ਼ਨ ਹੀਰੋ ਮੁਹਿੰਮ ਚਲਾਉਣ ਲਈ ਪੰਜਾਬ ਦੇ ਪਹਿਲੇ ਇਲੈਕਸ਼ਨ ਸਟਾਰ ਬਣਾਇਆ ਗਿਆ। ਉਹਨਾਂ 306 ਲੋਕਾਂ ਨੂੰ ਜਾਗਰੂਕ ਕਰਕੇ ਈ.ਏਪਿਕ ਇਲੈਕਟਰਾਨਿਕ ਫੋਟੋ ਪਛਾਣ ਪੱਤਰ ਉਹਨਾਂ ਦੇ ਮੋਬਾਇਲ ਤੇ ਡਾਊਨਲੋਡ ਕਰਵਾਇਆ। ਉਪਰੋਕਤ ਪ੍ਰਾਪਤੀਆਂ ਲਈ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸੀ.ਡੀ.ਟੀ.ਪੀ ਅਤੇ ਸਮੂਹ ਵਿਭਾਗ ਮੁੱਖੀਆਂ, ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।