
• ਪਿੰਡ ਤੱਖਰ ਵਿੱਚ ਅਕਾਲੀ ਦਲ ਦੇ ਦਰਜਨਾਂ ਮੈਂਬਰ ਕਾਂਗਰਸ ਵਿੱਚ ਸ਼ਾਮਲ
• ਵਿਕਰਮਜੀਤ ਚੌਧਰੀ ਵੱਲੋਂ ਪਿੰਡ ਘੁੜਕਾ, ਪਰਤਾਬਪੁਰਾ, ਕਲਿਆਣਪੁਰ, ਸੰਗਤਪੁਰ ਅਤੇ ਬੇਗਮਪੁਰ ਵਿਖੇ ਚੋਣ ਮੀਟਿੰਗਾਂ
• ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਵੱਲੋਂ ਘੁੜਕਾ, ਰੁੜਕਾ ਕਲਾਂ, ਪਾਸਲਾ, ਦੰਦੂਵਾਲ, ਤੱਗੜ ਅਤੇ ਸੈਦੋਵਾਲ ਵਿਖੇ ਮੀਟਿੰਗਾਂ
ਬਿਊਰੋ : ਵਿਧਾਨ ਸਭਾ ਹਲਕਾ ਫਿਲੌਰ ਤੋਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਵਿਕਰਮਜੀਤ ਸਿੰਘ ਚੌਧਰੀ ਨੇ ਐਤਵਾਰ ਨੂੰ ਕਿਹਾ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਬੇਹੱਦ ਖੁਸ਼ ਹਨ ਅਤੇ ਕਾਂਗਰਸ ਪਾਰਟੀ 10 ਮਾਰਚ ਨੂੰ ਭਾਰੀ ਬਹੁਮਤ ਨਾਲ ਸੱਤਾ ਵਿਚ ਵਾਪਸੀ ਕਰੇਗੀ।
ਘੁੜਕਾ, ਪਰਤਾਬਪੁਰਾ, ਕਲਿਆਣਪੁਰ, ਸੰਗਤਪੁਰ ਅਤੇ ਬੇਗਮਪੁਰ ਪਿੰਡਾਂ ਵਿਖੇ ਚੋਣ ਮੀਟਿੰਗਾਂ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਈ ਸਰਕਾਰਾਂ ਦੇਖੀਆਂ ਹਨ, ਪਰ ਚੰਨੀ ਸਰਕਾਰ ਦਾ ਰਿਕਾਰਡ ਚਾਰ ਮਹੀਨੇ ਤੋਂ ਵੀ ਘੱਟ ਸਮਾਂ ਮਿਲਣ ਦੇ ਬਾਵਜੂਦ ਵੀ ਬੇਮਿਸਾਲ ਰਿਹਾ ਹੈ।
ਉਹਨਾਂ ਆਖਿਆ ਕਿ ਚਾਰ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਮੁੱਖ ਮੰਤਰੀ ਚੰਨੀ ਜੀ ਨੇ ਸੌ ਤੋਂ ਵੱਧ ਫੈਸਲੇ ਲਏ ਜਿਨ੍ਹਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਇਆ ਹੈ। ਪਿੰਡ ਘੁੜਕਾ ਵਿੱਚ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਨਾਲ ਮੌਜੂਦ ਵਿਕਰਮਜੀਤ ਚੌਧਰੀ ਨੇ ਕਿਹਾ ਕਿ ਦੂਜੀਆਂ ਸਰਕਾਰਾਂ ਨੇ ਸਿਰਫ਼ ਅਮੀਰਾਂ ਦੀ ਹੀ ਪਰਵਾਹ ਕੀਤੀ ਪਰ ਇਹ ਚੰਨੀ ਹਨ।
ਜਿਨ੍ਹਾਂ ਨੇ ਗਰੀਬਾਂ ਅਤੇ ਹਾਸ਼ੀਏ ‘ਤੇ ਬੈਠੇ ਵਰਗਾਂ ਦੀ ਭਲਾਈ ਲਈ ਇਤਿਹਾਸਕ ਫੈਸਲੇ ਕੀਤੇ। ਸੰਸਦ ਮੈਂਬਰ ਸੰਤੋਖ ਚੌਧਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ 10 ਸਾਲ ਦਾ ਰਾਜ ਮਾਫੀਆ ਰਾਜ ਸੀ ਜਿਸ ਤੋਂ ਤੰਗ ਹੋ ਕੇ ਪੰਜਾਬ ਦੇ ਲੋਕਾਂ ਨੇ ਸੱਤਾ ਦੀ ਵਾਗਡੋਰ ਕਾਂਗਰਸ ਦੇ ਹੱਥ ਸੌਂਪੀ।
ਉਹਨਾਂ ਕਿਹਾ ਜਦੋਂ ਸਾਡੀ ਪਾਰਟੀ 2017 ਵਿੱਚ ਸੱਤਾ ਵਿੱਚ ਆਈ ਤਾਂ ਬਹੁਤ ਸਾਰੀਆਂ ਚੁਣੌਤੀਆਂ ਸਨ ਅਤੇ ਚਾਰੇ ਪਾਸੇ ਹਾਹਾਕਾਰ ਮੱਚੀ ਸੀ, ਪਰ ਅਸੀਂ ਸੂਬੇ ਨੂੰ ਵਿਕਾਸ ਦੀ ਲੀਹ ‘ਤੇ ਲੈ ਕੇ ਆਂਦਾ। ਲੋਕਾਂ ਨੇ ਮੁੱਖ ਮੰਤਰੀ ਚੰਨੀ ਜੀ ਦੀ ਕਾਰਜਸ਼ੈਲੀ ਨੂੰ ਪਸੰਦ ਕੀਤਾ ਹੈ ਅਤੇ ਉਹ ਮੁੜ ਕਾਂਗਰਸ ਨੂੰ ਵੋਟ ਦੇਣਗੇ।
ਚੰਨੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਸ਼ਨੀਵਾਰ ਨੂੰ ਪਿੰਡ ਤੱਖਰ ਵਿਖੇ ਸੰਸਦ ਮੈਂਬਰ ਚੌਧਰੀ ਦੀ ਹਾਜ਼ਰੀ ਵਿੱਚ ਕਈ ਦਰਜਨ ਲੋਕ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਵਿੱਚ ਚਮਨ ਲਾਲ, ਸੋਹਣ ਲਾਲ, ਤਰਸੇਮ ਸਿੰਘ ਲਾਲੀ, ਅਵਤਾਰ ਸਿੰਘ, ਅਮਰੀਕ ਸਿੰਘ, ਭਜਨ ਸਿੰਘ, ਭਗਤ ਰਾਮ, ਸੋਮ ਮੁਹੰਮਦ, ਜਸਵੀਰ ਸਿੰਘ ਲਾਲੀ ਅਤੇ ਅੰਮ੍ਰਿਤਪਾਲ ਸਿੰਘ ਲਾਲੀ ਸ਼ਾਮਲ ਹਨ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਅਕਾਲੀ ਦਲ ‘ਤੇ ਭ੍ਰਿਸ਼ਟ ਅਤੇ ਮਾਫੀਆ ਤੱਤਾਂ ਕਬਜ਼ਾ ਕਰ ਲਿਆ ਹੈ, ਇਸ ਲਈ ਅਸੀਂ ਪੰਜਾਬ ਦੇ ਬਿਹਤਰ ਭਵਿੱਖ ਲਈ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਮੀਟਿੰਗਾਂ ਦੌਰਾਨ ਕਈ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਪੰਚਾਇਤ ਸੰਮਤੀ ਮੈਂਬਰ, ਸਰਪੰਚ ਅਤੇ ਪੰਚ ਹੋਰਾਂ ਸਮੇਤ ਹਾਜ਼ਰ ਸਨ।










