
ਬਿਊਰੋ : ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੀਆਂ ਵਿਦਿਆਰਥਣਾਂ ਨੇ ਭਾਰਤ ਸਰਕਾਰ ਦੁਆਰਾ ਆਯੋਜਿਤ ਪ੍ਰੋਗਰਾਮ ਪ੍ਰੀਕਸ਼ਾ ਪੇ ਚਰਚਾ ਵਿਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ‘ਤੇ ਪ੍ਰੀਖਿਆਵਾਂ ਨਾਲ ਸਬੰਧਿਤ ਵਿਭਿੰਨ ਮੁੱਦਿਆਂ ‘ਤੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਬਾਖੂਬੀ ਪੇਸ਼ ਕੀਤੇ। ਕੋਵਿਡ-19 ਦੌਰਾਨ ਪ੍ਰੀਖਿਆਵਾਂ ਦੇ ਤਣਾਅ ਦੇ ਪ੍ਰਬੰਧਨ ਲਈ ਨੀਤੀਆਂ ਵਿਸ਼ੇ ‘ਤੇ ਸਕੂਲ ਦੀ 10+2 (ਆਰਟਸ) ਵਿਦਿਆਰਥਣ ਆਸ਼ੂ ਮਹਿਤਾ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਅਜਿਹੇ ਤਣਾਅ ਨਾਲ ਨਜਿੱਠਣ ਲਈ ਯੋਗ ਅਭਿਆਸ, ਧਿਆਨ ਮੁਦਰਾ ਆਦਿ ਜਿਹੀਆਂ ਵਿਧੀਆਂ ਦਾ ਸਹਿਜੇ ਹੀ ਸਹਾਰਾ ਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ 10+2 (ਮੈਡੀਕਲ) ਦੀ ਵਿਦਿਆਰਥਣ ਤਾਨੀਆ ਨੇ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਵਿਸ਼ੇ ਤੇ ਬੋਲਦੇ ਹੋਏ ਇਸਨੂੰ ਭਾਰਤ ਸਰਕਾਰ ਦਾ ਉੱਤਮ ਉਪਰਾਲਾ ਮੰਨਿਆ ਜਿਸ ਰਾਹੀਂ ਪ੍ਰਗਤੀਵਾਦੀ ਭਾਰਤ ਦੇ 75 ਵਰ੍ਹਿਆਂ ਨੂੰ ਮਨਾਉਣ ਤੋਂ ਇਲਾਵਾ ਲੋਕਾਂ ਦੇ ਸੁਨਹਿਰੀ ਇਤਿਹਾਸ, ਸੱਭਿਆਚਾਰ ਅਤੇ ਸਫਲਤਾਵਾਂ ਦੀ ਤਰਜਮਾਨੀ ਦੀ ਇਕ ਬੇਮਿਸਾਲ ਤਸਵੀਰ ਪੇਸ਼ ਕੀਤੀ ਗਈ ਹੈ। ਸੈਲਫ ਰਿਲਾਇੰਸ ਸਕੂਲ ਫੌਰ ਸੈਲਫ ਰਿਲਾਇੰਟ ਇੰਡੀਆ ਸਬੰਧੀ ਜਸਕਰਨ ਕੌਰ 10+2 (ਕਾਮਰਸ) ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਇਸ ਨੂੰ ਆਤਮ ਵਿਸ਼ਵਾਸ ਅਤੇ ਪ੍ਰਤਿਭਾ ਨੂੰ ਪੇਸ਼ ਕਰਨ ਦੇ ਉਤਮ ਮੰਚ ਮੰਨਿਆ। ਅਨੁਸ਼ਕਾ 10+1 (ਕਾਮਰਸ) ਨੇ ਕਲੀਨ ਇੰਡੀਆ ਗਰੀਨ ਇੰਡੀਆ ਵਿਸ਼ੇ ਸਬੰਧੀ ਗੱਲ ਕਰਦੇ ਹੋਏ ਸਫਾਈ ਦੀ ਅਹਿਮੀਅਤ ਨੂੰ ਬਿਆਨਣ ਦੇ ਨਾਲ-ਨਾਲ ਇਸ ਨੂੰ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਦੱਸਿਆ। ਡਿਜੀਟਲ ਕੁਲੈਬੋਰੇਸ਼ਨ ਇਨ ਕਲਾਸਰੂਮ ਵਿਸ਼ੇ ਸੰਬੰਧੀ ਰਿਤਿਕਾ 10+1 (ਮੈਡੀਕਲ) ਨੇ ਕਿਹਾ ਕਿ ਡਿਜੀਟਲ ਸਾਂਝੇਦਾਰੀ ਵਿਦਿਆਰਥੀਆਂ ਦੇ ਹੁਨਰ ਵਿੱਚ ਵਾਧਾ ਕਰਨ ਅਤੇ ਟੀਮ ‘ਚ ਰਹਿ ਕੇ ਕੰਮ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ। ਇਸ ਦੇ ਨਾਲ ਹੀ 10+1 (ਨਾਨ-ਮੈਡੀਕਲ) ਦੀ ਵਿਦਿਆਰਥਣ ਰਾਧਿਕਾ ਰਾਜਪੂਤ ਨੇ ਕੰਜ਼ਰਵੇਸ਼ਨ ਐਂਡ ਕਲਾਈਮੇਟ ਚੇਂਜ ਰੈਜ਼ੀਲਿਅੰਸ ਸਬੰਧੀ ਗੱਲ ਕਰਨ ਕਰਦੇ ਹੋਏ ਵਾਤਾਵਰਣੀ ਬਦਲਾਵਾਂ ਦੇ ਪ੍ਰਭਾਵਾਂ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਸਬੰਧੀ ਆਪਣੇ ਵਿਚਾਰ ਬਾਖ਼ੂਬੀ ਪੇਸ਼ ਕੀਤੇ । ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਪ੍ਰੋਗਰਾਮ ਵਿਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਸਮੂਹ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਕਾਲਜੀਏਟ ਸਕੂਲ ਦੇ ਸਮੂਹ ਅਧਿਆਪਕਾਂ ਦੁਆਰਾ ਇਸ ਉਪਰਾਲੇ ਦੇ ਲਈ ਕੀਤੇ ਗਏ ਯਤਨਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।










