
ਬਿਊਰੋ : ਮਾਡਲ ਟਾਊਨ ਮਾਰਕੀਟ ਨੂੰ ਸ਼ਹਿਰ ਦੀ ਸਭ ਤੋਂ ਸਾਫ-ਸੁਥਰੀ ਮਾਰਕੀਟ ਦਾ ਦਰਜਾ ਮਿਲਿਆ ਹੈ। ਜਿਸਦਾ ਸਾਰਾ ਸ਼ਰੇ ਓਥੋਂ ਦੀ ਕੌਂਸਲਰ ਅਰੁਣਾ ਅਰੋੜਾ ਅਤੇ ਨਿਗਮ ਕਮਿਸ਼ਨਰ ਨੂੰ ਜਾਂਦਾ ਹੈ। ਇਸ ਖੁਸ਼ੀ ਦੇ ਮੌਕੇ ‘ਤੇ ਖੁਸ਼ੀ ਪ੍ਰਗਟ ਕਰਦਿਆਂ ਮਾਡਲ ਟਾਊਨ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦ ਸ਼ਰਮਾ ਅਤੇ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ ਨੇ ਕਿਹਾ ਕਿ ਇਸ ਦੇ ਲਈ ਮਾਰਕੀਟ ਦੇ ਸਾਰੇ ਦੁਕਾਨਦਾਰਾਂ, ਐਸੋਸੀਏਸ਼ਨ ਦੇ ਪ੍ਰਤੀਨਿਧੀਆਂ, ਇਲਾਕੇ ਦੀ ਕੋਂਸਲਰ ਅਰੁਣਾ ਅਰੋੜਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਧੰਨਵਾਦ ਕਰਨਾ ਸਭ ਤੋਂ ਪਹਿਲਾਂ ਜਰੂਰੀ ਹੈ। ਉਨ੍ਹਾਂ ਕਿਹਾ ਕਿ ਲਗਭਗ 600 ਦੁਕਾਨਦਾਰ ਇਕਜੁੱਟ ਹਨ, ਜਿਹੜੇ ਪੂਰੇ ਇਲਾਕੇ ਦੀ ਸਾਫ-ਸਫਾਈ ਦੇ ਪ੍ਰਬੰਧ ਪ੍ਰਤੀ ਚੌਕਸ ਹਨ। ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਇਹ ਰੈਂਕਿੰਗ ਹਾਸਲ ਕਰਨੀ ਅਸੰਭਵ ਸੀ। ਕੌਂਸਲਰ ਅਰੁਣਾ ਅਰੋੜਾ ਵੱਲੋਂ ਵੀ ਮਾਰਕੀਟ ਦੀ ਸਾਫ-ਸਫਾਈ ‘ਤੇ ਪੂਰਾ ਧਿਆਨ ਦਿੱਤਾ ਜਾਂਦਾ ਹੈ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਆਪਣੀ ਜ਼ਿੰਮੇਵਾਰੀ ਵਧੀਆ ਢੰਗ ਨਾਲ ਨਿਭਾਉਂਦੇ ਹਨ। ਹਾਲਾਂਕਿ ਨਿਗਮ ਅਧਿਕਾਰਿਆਂ ਦੀ ਗਿਣਤੀ ਥੋੜੀ ਘੱਟ ਹੈ ਜਿਸਦੇ ਚਲਦੇ ਕੌਂਸਲਰ ਅਰੁਣਾ ਅਰੋੜਾ ਨੇ ਕੁੱਜ ਸਫਾਈ ਸੇਵਕ ਨਿਜੀ ਤੌਰ ਤੇ ਵੀ ਰੱਖੇ ਹੋਏ ਹਨ, ਜੋਕਿ ਇਸ ਉਪਲਬਧੀ ਚ’ ਬਰਾਬਰ ਸ਼ਾਮਿਲ ਹਨ।
ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਸਵੱਛਤਾ ਸਰਵੇਖਣ ਵਿਚ ਜਲੰਧਰ ਵਧੀਆ ਰੈਂਕਿੰਗ ਨਹੀਂ ਮਿਲੀ, ਜਿਸ ਬਾਅਦ ਇਸ ਨੂੰ ਸੁਧਾਰਨ ਦੇ ਯਤਨਾਂ ਤਹਿਤ ਜਲੰਧਰ ਨਗਰ ਨਿਗਮ ਨੇ ਆਪਣੇ ਇਲਾਕੇ ਵਿਚ ਪੈਂਦੇ ਹੋਟਲਾਂ, ਹਸਪਤਾਲਾਂ, ਸਕੂਲਾਂ, ਸਰਕਾਰੀ ਦਫਤਰਾਂ, ਮਾਰਕੀਟ ਸਥਾਨਾਂ ਆਦਿ ਦਾ ਇਕ ਸਰਵੇਖਣ ਕਰਵਾਇਆ, ਜਿਸ ਦੇ ਨਤੀਜੇ ਅੱਜ ਐਲਾਨੇ ਗਏ। ਨਿਗਮ ਦੇ ਹੈਲਥ ਆਫਿਸਰ ਡਾ. ਕ੍ਰਿਸ਼ਨ ਸ਼ਰਮਾ ਵੱਲੋਂ ਜਾਰੀ ਨਤੀਜਿਆਂ ਮੁਤਾਬਕ ਮਾਡਲ ਟਾਊਨ ਮਾਰਕੀਟ ਨੂੰ ਜਲੰਧਰ ਦੀ ਸਭ ਤੋਂ ਸਾਫ-ਸੁਥਰੀ ਮਾਰਕੀਟ ਐਲਾਨਿਆ ਗਿਆ ਹੈ, ਜਦੋਂ ਕਿ ਦੂਜੇ ਸਥਾਨ ‘ਤੇ ਦੇਵੀ ਤਲਾਬ ਮੰਦਿਰ ਪਰਿਸਰ ਮਾਰਕੀਟ ਅਤੇ ਤੀਜੇ ਸਥਾਨ ‘ਤੇ ਲਾਜਪਤ ਨਗਰ ਦੀ ਮਾਰਕੀਟ ਰਹੀ। ਹੋਟਲਾਂ ਵਿਚ ਪਹਿਲਾ ਸਥਾਨ ਰੇਡੀਸਨ ਨੂੰ ਮਿਲਿਆ, ਜਦੋਂ ਕਿ ਦੂਜੇ ਨੰਬਰ ‘ਤੇ ਬੈਸਟ ਵੈਸਟਰਨ ਪਲੱਸ ਅਤੇ ਤੀਜੇ ਸਥਾਨ ‘ਤੇ ਪਟਵਾਰੀ ਢਾਬਾ ਆਇਆ ਹੈ। ਹਸਪਤਾਲਾਂ ਵਿਚ ਇਸ ਵਾਰ ਸ਼੍ਰੀਮਨ ਹਸਪਤਾਲ ਨੇ ਪਹਿਲੇ ਨੰਬਰ ‘ਤੇ ਆ ਕੇ ਬਾਜ਼ੀ ਮਾਰੀ ਹੈ। ਕੈਪੀਟੋਲ ਨੂੰ ਦੂਜਾ ਅਤੇ ਸੈਕਰਡ ਹਸਪਤਾਲ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ ਹੈ। ਸਕੂਲਾਂ ਵਿਚ ਆਈ. ਵੀ. ਵਰਲਡ ਸਕੂਲ ਹੁਸ਼ਿਆਰਪੁਰ ਰੋਡ ਪਹਿਲ ਨੰਬਰ ‘ਤੇ ਆਇਆ ਹੈ, ਜਦੋਂ ਕਿ ਦੂਜਾ ਸਥਾਨ ਲਾਲਾ ਜਗਤ ਨਾਰਾਇਣ ਸਕੂਲ ਕਬੀਰ ਨਗਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਹਿਰੂ ਗਾਰਡਨ ਨੂੰ ਮਿਲਿਆ ਹੈ। ਤੀਜੇ ਸਥਾਨ ‘ਤੇ ਲਾਡੋਵਾਲੀ ਰੋਡ ਦਾ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਆਇਆ ਹੈ। ਸਰਕਾਰੀ ਦਫਤਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਸਾਫ ਦਫਤਰ ਰਿਜਨਲ ਪਾਸਪੋਰਟ ਦਫਤਰ ਨੂੰ ਆਂਕਿਆ ਗਿਆ ਹੈ, ਜਦੋਂ ਕਿ ਦੂਜੇ ਨੰਬਰ ਤੇ ਡੀ. ਸੀ. ਆਫਿਸ ਅਤੇ ਤੀਜੇ ਨੰਬਰ ‘ਤੇ ਐੱਲ.ਆਈ.ਸੀ. ਆਫਿਸ ਆਇਆ ਹੈ। ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਨਾਲ ਸਬੰਧਤ ਵਰਗ ਵਿਚ ਜਲੰਧਰ ਹਾਈਟਸ -1 ਨੇ ਬਾਜ਼ੀ ਮਾਰੀ ਹੈ ਅਤੇ ਜਲੰਧਰ ਹਾਈਟਸ 2 ਨੂੰ ਦੂਜੇ ਨੰਬਰ ‘ਤੇ ਐਲਾਨਿਆ ਗਿਆ ਹੈ। ਪਾਮਰਾਇਲ ਅਪਾਰਟਮੈਂਟਸ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ ਹੈ।
ਵੇਸਟ ਮੈਨੇਜਮੈਂਟ ਦੇ ਨਾਲ ਨਾਲ ਸੋਲਰ ਅਤੇ ਵਾਟਰ ਹਾਰਵੇਟਿੰਗ ਵੀ ਹਨ ਮਾਪਦੰਡ
ਹੈਲਥ ਆਫਿਸਰ ਡਾ. ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਦੇਸ਼ ਪੱਧਰ ‘ਤੇ ਚਲਾਏ ਜਾਂਦੇ ਸਵੱਛਤਾ ਸਰਵੇਖਣ ਲਈ ਕੇਂਦਰ ਸਰਕਾਰ ਨੇ ਮਾਪਦੰਡ ਨਿਰਧਾਰਿਤ ਕੀਤੇ ਹੋਏ ਹਨ, ਜਿਨ੍ਹਾਂ ਦੇ ਆਧਾਰ ‘ਤੇ ਸਥਾਨਕ ਪੱਧਰ ‘ਤੇ ਸੰਸਥਾਵਾਂ ਨੂੰ ਸਵੱਛਤਾ ਸਬੰਧੀ ਰੈਂਕਿੰਗ ਦਿੱਤੀ ਜਾਂਦੀ ਹੈ। ਇਸਦੇ ਲਈ ਜਿਥੇ ਸਾਲਿਡ ਵੇਸਟ ਮੈਨੇਜਮੈਂਟ ਸਿਸਟਮ ਹੋਣਾ ਜ਼ਰੂਰੀ ਹੈ, ਉਥੇ ਹੀ ਸੋਲਰ ਸਿਸਟਮ ਅਤੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਦੀ ਵੀ ਜਾਂਚ ਕੀਤੀ ਜਾਂਦੀ ਹੈ।
ਡਿਫਾਲਟਰ ਸੰਸਥਾਵਾਂ ਨੂੰ ਨੋਟਿਸ ਭੇਜੇਗਾ ਨਿਗਮ
ਨਿਗਮ ਨੇ ਅੱਜ ਤੋਂ ਲਗਭਗ ਡੇਢ-ਦੋ ਮਹੀਨੇ ਪਹਿਲਾਂ ਜਦੋਂ ਸ਼ਹਿਰ ਦੀਆਂ ਸਾਫ ਸੁਥਰੀਆਂ ਸੰਸਥਾਵਾਂ ਨੂੰ ਰੈਂਕਿੰਗ ਦੇਣ ਲਈ ਸਰਵੇ ਕਰਵਾਇਆ ਤਾਂ ਸਾਹਮਣੇ ਆਇਆ ਕਿ ਹੋਟਲਾਂ, ਹਸਪਤਾਲਾਂ, ਸਕੂਲਾਂ ਆਦਿ ਨੇ ਸਾਲਿਡ ਵੇਸਟ ਮੈਨੇਜਮੈਂਟ ਲਈ ਪਲਾਂਟ ਆਦਿ ਤਾਂ ਲਾਏ ਹੋਏ ਹਨ ਪਰ ਵਧੇਰੇ ਪਲਾਂਟ ਜਾਂ ਤਾਂ ਬੰਦ ਪਏ ਹਨ ਜਾਂ ਉਨ੍ਹਾਂ ਨੂੰ ਖਾਨਾਪੂਰਤੀ ਲਈ ਹੀ ਚਲਾਇਆ ਜਾਂਦਾ ਹੈ। ਪਤਾ ਲੱਗਾ ਹੈ ਕਿ ਨਿਗਮ ਨੇ ਅਜਿਹੀਆਂ ਡਿਫਾਲਟਰ ਸੰਸਥਾਵਾਂ ਨੂੰ ਨੋਟਿਸ ਭੇਜਣ ਦਾ ਫੈਸਲਾ ਲਿਆ ਹੈ ਤਾਂ ਕਿ ਬਾਕੀ ਸੰਸਥਾਵਾਂ ਦੀ ਆਪਣੇ ਪੱਧਰ ‘ਤੇ ਕੂੜੇ ਆਦਿ ਦੀ ਮੈਨੇਜਮੈਂਟ ਕਰਨ ਅਤੇ ਨਿਗਮ ‘ਤੇ ਬੋਝ ਨਾ ਬਣੇ।










