Home Education ਕੇ.ਐਮ.ਵੀ. ਨੇ ਜ਼ੋਨਲ ਯੁਵਕ ਮੇਲੇ ਵਿੱਚ ਜਿੱਤੀ ਓਵਰਆਲ ਸੈਕਿੰਡ ਰਨਰਜ਼ ਅੱਪ ਟਰਾਫੀ

ਕੇ.ਐਮ.ਵੀ. ਨੇ ਜ਼ੋਨਲ ਯੁਵਕ ਮੇਲੇ ਵਿੱਚ ਜਿੱਤੀ ਓਵਰਆਲ ਸੈਕਿੰਡ ਰਨਰਜ਼ ਅੱਪ ਟਰਾਫੀ

ਕੁਇਜ਼, ਡਿਬੇਟ ਅਤੇ ਈਲੋਕਿਉਸ਼ਨ ਮੁਕਾਬਲਿਆਂ ‘ਚ ਪਹਿਲਾ ਸਥਾਨ ਹਾਸਿਲ ਕਰਕੇ ਲਿਖੀ ਸਫਲਤਾ ਦੀ ਨਵੀਂ ਇਬਾਰਤ

ਬਿਊਰੋ : ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂਵਿਦਿਆਲਾ, ਜਲੰਧਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਕਰਵਾਏ ਗਏ ਜ਼ੋਨਲ ਯੁਵਕ ਮੇਲੇ ਵਿੱਚ ਓਵਰਆਲ ਸੈਕਿੰਡ ਰਨਰਜ਼ ਅੱਪ ਟਰਾਫੀ ਜਿੱਤ ਕੇ ਸਫ਼ਲਤਾਵਾਂ ਦੇ ਸੁਨਹਿਰੀ ਇਤਿਹਾਸ ਦੇ ਵਿੱਚ ਇੱਕ ਨਵੀਂ ਇਬਾਰਤ ਲਿਖੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਦਿਆਰਥਣਾਂ ਨੇ ਜ਼ੋਨਲ ਯੁਵਕ ਮੇਲੇ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਕੁਇਜ਼, ਡਿਬੇਟ ਅਤੇ ਈਲੋਕਿਉਸ਼ਨ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ । ਕੇ.ਐਮ.ਵੀ. ਦੀਆਂ ਹੋਣਹਾਰ ਵਿਦਿਆਰਥਣਾਂ ਨੇ ਗਰੁੱਪ ਡਾਂਸ, ਫੁਲਕਾਰੀ, ਪੋਸਟਰ ਮੇਕਿੰਗ, ਕਲੇ ਮਾਡਲਿੰਗ ਅਤੇ ਆਨ ਦੀ ਸਪਾਟ ਪੇਂਟਿੰਗ ਮੁਕਾਬਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਗਿੱਧਾ, ਰੰਗੋਲੀ, ਫੈਂਸੀ ਡਰੈੱਸ, ਕੋਲਾਜ ਅਤੇ ਕਲਾਸੀਕਲ ਇੰਸਟਰੂਮੈਂਟਲ ਮੁਕਾਬਲਿਆਂ ਵਿੱਚ ਕੇ.ਐਮ.ਵੀ. ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥੀਆਂ ਦੀ ਕਲਾ ਅਤੇ ਉਨ੍ਹਾਂ ਵਿਚ ਮੌਜੂਦ ਲਗਨ ਅਤੇ ਨਿਸ਼ਠਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਕਿਹਾ ਕਿ ਯੁਵਕ ਮੇਲਿਆਂ ਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਪ੍ਰਤੀਭਾ ਨੂੰ ਨਿਖਾਰਣ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸਦੇ ਨਾਲ ਹੀ ਮੈਡਮ ਪ੍ਰਿੰਸੀਪਲ ਨੇ ਡਾ. ਗੁਰਜੋਤ, ਡੀਨ, ਈ.ਸੀ.ਏ. ਅਤੇ ਕਾਲਜ ਦੀ ਸਮੂਹ ਈ.ਸੀ.ਏ. ਟੀਮ, ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਅਧਿਆਪਕਾਂ ਨੂੰ ਮਿਹਨਤ ਅਤੇ ਲਗਨ ਦੇ ਨਾਲ ਤਿਆਰੀ ਕਰਵਾਉਣ ਲਈ ਮੁਬਾਰਕਬਾਦ ਦਿੱਤੀ ਅਤੇ ਇਹ ਵੀ ਕਾਮਨਾ ਕੀਤੀ ਕਿ ਕੇ ਐਮ ਵੀ ਭਵਿੱਖ ਵਿੱਚ ਵੀ ਆਪਣੀ ਜਿੱਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖੇਗਾਂ।